ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰਦਾਸਪੁਰ ‘ਚ ਬੀਡੀਪੀਓ ਦਫ਼ਤਰ ਵਿਖੇ ਤਾਇਨਾਤ ਪਟਵਾਰੀ ਨਿਸ਼ਾਨ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਗੁਰਦਾਸਪੁਰ (Talking Punjab): ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਆਪਣੀ ਮੁਹਿੰਮ ਹੇਠ ਗੁਰਦਾਸਪੁਰ ਦੇ ਬੀਡੀਪੀਓ ਦਫ਼ਤਰ ਵਿਖੇ ਤਾਇਨਾਤ ਬਲਾਕ ਸੰਮਤੀ ਪਟਵਾਰੀ ਨਿਸ਼ਾਨ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਹ ਗ੍ਰਿਫ਼ਤਾਰੀ ਪਿੰਡ ਬੱਬਰੀ ਨੰਗਲ ਦੀ ਵਸਨੀਕ ਅਤੇ ਮੌਜੂਦਾ ਪੰਚਾਇਤ ਮੈਂਬਰ ਦੀ ਸ਼ਿਕਾਇਤ ‘ਤੇ ਹੋਈ। ਸ਼ਿਕਾਇਤਕਰਤਾ ਮੁਤਾਬਕ, ਉਸਦੇ ਪਤੀ ਪਿਛਲੇ 50 ਸਾਲਾਂ ਤੋਂ ਪਿੰਡ ਦੀ ਸ਼ਾਮਲਾਤ ਜ਼ਮੀਨ ‘ਚੋਂ ਲਗਭਗ 22 ਕਨਾਲ 11 ਮਰਲੇ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਦੀ ਗਿਰਦਾਵਰੀ ਵੀ ਉਹਨਾਂ ਦੇ ਨਾਮ ਹੈ।
ਇੱਕ ਸ਼ਿਕਾਇਤ ਦੇ ਆਧਾਰ ‘ਤੇ ਬੀਡੀਪੀਓ ਦਫ਼ਤਰ ਨੇ ਕਾਗਜ਼ੀ ਸਪੱਸ਼ਟੀਕਰਨ ਮੰਗਿਆ ਸੀ, ਜਿਸ ਲਈ ਸ਼ਿਕਾਇਤਕਰਤਾ ਨੇ ਪਿੰਡ ਦੇ ਸਰਪੰਚ ਰਾਹੀਂ ਮਦਦ ਮੰਗੀ, ਪਰ ਨਿਸ਼ਾਨ ਸਿੰਘ ਪਟਵਾਰੀ ਨੇ 20,000 ਰੁਪਏ ਦੀ ਰਿਸ਼ਵਤ ਮੰਗੀ।
ਵਿਜੀਲੈਂਸ ਬਿਊਰੋ ਨੇ ਪਹਿਲਾਂ ਮਾਮਲੇ ਦੀ ਤਸਦੀਕ ਕੀਤੀ, ਫਿਰ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਟਵਾਰੀ ਨੂੰ ਰੰਗੇ ਹੱਥੀਂ ਫੜ ਲਿਆ।
ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਅੰਮ੍ਰਿਤਸਰ ਰੇਂਜ ਵਿਖੇ ਕੇਸ ਦਰਜ ਹੋ ਚੁੱਕਾ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ।

