ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਤੋਂ ਬਾਅਦ ਸਿਆਸੀ ਤਾਪਮਾਨ ਚੜ੍ਹ ਗਿਆ। ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਸਰਕਾਰ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 2027 ਤੋਂ ਬਾਅਦ ਉਸਨੂੰ ਦੇਸ਼ ਤੋਂ ਭੱਜਣ ਨਹੀਂ ਦੇਵਾਂਗੇ।
ਪੰਜਾਬ ਦੀ ਰਾਜਨੀਤੀ ‘ਚ ਇੱਕ ਵਾਰ ਫਿਰ ਤਾਪਮਾਨ ਉੱਚਾ ਹੋ ਗਿਆ ਹੈ। ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ‘ਤੇ ਵਿਜੀਲੈਂਸ ਦੀ ਟੀਮ ਵੱਲੋਂ ਪਏ ਛਾਪੇ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ।
ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ “2027 ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨ ਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ, ਇੱਥੇ ਹੀ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਹਿਸਾਬ ਲਵਾਂਗੇ।” ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਅੱਜ ਭਗਵੰਤ ਮਾਨ ਵੀ ਉਨ੍ਹਾਂ ਦੇ ਰਾਹ ‘ਤੇ ਚੱਲ ਰਿਹਾ ਹੈ।
ਹਰਸਿਮਰਤ ਨੇ ਕਿਹਾ, “ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਾਡਾ ਪਰਿਵਾਰ ਕਦੇ ਵੀ ਸਰਕਾਰਾਂ ਦੇ ਧੱਕੇ ਅੱਗੇ ਨਹੀਂ ਝੁਕਿਆ, ਨਾ ਪਹਿਲਾਂ ਨਾ ਹੁਣ।”
ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਨੇ ਨਸ਼ਿਆਂ ਦੇ ਮੁੱਦੇ ‘ਤੇ ਵੀ ਨਾਕਾਮੀ ਦਿਖਾਈ ਹੈ। ਉਨ੍ਹਾਂ ਕਿਹਾ ਕਿ “ਜਗਦੀਸ਼ ਭੋਲੇ ਨੂੰ ਅਸੀਂ ਫੜਿਆ ਸੀ, ਪਰ ਮਾਨ ਸਰਕਾਰ ਨੇ ਉਸਨੂੰ ਛੱਡ ਦਿੱਤਾ। ਹੁਣ ਤੱਕ ਘਰ-ਘਰ ਨਸ਼ਾ ਪਹੁੰਚ ਗਿਆ ਹੈ।”
ਹਰਸਿਮਰਤ ਨੇ ਇਹ ਵੀ ਯਾਦ ਕਰਵਾਇਆ ਕਿ ਬਿਕਰਮ ਮਜੀਠੀਆ ਤੋਂ ਅਦਾਲਤ ਵਿੱਚ ਆਪ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗੀ ਸੀ।
✅ ਮਜੀਠੀਆ ਦਾ ਜਵਾਬ:
ਬਿਕਰਮ ਮਜੀਠੀਆ ਨੇ ਵੀ ਵਿਜੀਲੈਂਸ ਦੀ ਰੇਡ ਮਗਰੋਂ ਭਗਵੰਤ ਮਾਨ ਸਰਕਾਰ ਉੱਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ “ਜਦੋਂ ਪਿਛਲੇ ਡਰੱਗ ਕੇਸ ਵਿੱਚ ਕੁਝ ਨਹੀਂ ਮਿਲਿਆ ਤਾਂ ਹੁਣ ਇਕ ਨਵਾਂ ਝੂਠਾ ਪਰਚਾ ਬਣਾਇਆ ਜਾ ਰਿਹਾ ਹੈ।”
ਉਨ੍ਹਾਂ ਨੇ ਭਾਵੁਕ ਹੋ ਕੇ ਕਿਹਾ:
“ਮੈਂ ਗੁਰੂ ਸਾਹਿਬ ਦਾ ਪੁੱਤਰ ਹਾਂ, ਨਾ ਡਰਿਆ ਹਾਂ, ਨਾ ਡਰਾਂਗਾ। ਤੁਸੀਂ ਜਿੰਨੇ ਮਰਜ਼ੀ ਪਰਚੇ ਕਰ ਲਓ, ਪਰ ਮੇਰੀ ਆਵਾਜ਼ ਨਹੀਂ ਦਬਾ ਸਕਦੇ। ਅੰਤਿਮ ਜਿੱਤ ਸੱਚ ਦੀ ਹੋਵੇਗੀ।”

