ਲਾਹੌਰ/ਹਨੋਈ, 29 ਜਨਵਰੀ — ਭਾਰਤ ਵਿੱਚ ਨਿਪਾਹ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਏਸ਼ੀਆ ਦਾ ਤਾਜ਼ਾ ਦੇਸ਼ ਬਣ ਗਿਆ ਹੈ, ਜਿਸ ਨੇ ਇਸ ਘਾਤਕ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਹੱਦਾਂ ‘ਤੇ ਯਾਤਰੀਆਂ ਦੀ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਦੇ ਬੋਰਡਰ ਹੈਲਥ ਸਰਵਿਸਿਜ਼ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿੱਚ ਦਾਖ਼ਲ ਹੋਣ ਵਾਲੇ ਹਰ ਯਾਤਰੀ ਦੀ ਥਰਮਲ ਸਕ੍ਰੀਨਿੰਗ ਅਤੇ ਮੈਡੀਕਲ ਜਾਂਚ ਕੀਤੀ ਜਾਵੇਗੀ। ਇਹ ਨਿਯਮ ਹਵਾਈ ਅੱਡਿਆਂ, ਜ਼ਮੀਨੀ ਸਰਹੱਦਾਂ ਅਤੇ ਸਮੁੰਦਰੀ ਬੰਦਰਗਾਹਾਂ ‘ਤੇ ਲਾਗੂ ਹੋਵੇਗਾ। ਯਾਤਰੀਆਂ ਨੂੰ ਪਿਛਲੇ 21 ਦਿਨਾਂ ਦੀ ਯਾਤਰਾ ਜਾਣਕਾਰੀ ਵੀ ਦੇਣੀ ਲਾਜ਼ਮੀ ਹੋਵੇਗੀ, ਤਾਂ ਜੋ ਨਿਪਾਹ ਪ੍ਰਭਾਵਿਤ ਜਾਂ ਉੱਚ-ਖਤਰੇ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ।
ਪਾਕਿਸਤਾਨ ਤੋਂ ਇਲਾਵਾ ਥਾਈਲੈਂਡ, ਸਿੰਗਾਪੁਰ, ਹਾਂਗਕਾਂਗ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਵਿੲਤਨਾਮ ਵੀ ਆਪਣੇ ਹਵਾਈ ਅੱਡਿਆਂ ‘ਤੇ ਸਿਹਤ ਜਾਂਚ ਨੂੰ ਸਖ਼ਤ ਕਰ ਚੁੱਕੇ ਹਨ।
ਵਿੲਤਨਾਮ ਦੀ ਰਾਜਧਾਨੀ ਹਨੋਈ ਵਿੱਚ ਸਿਹਤ ਅਧਿਕਾਰੀਆਂ ਨੇ ਨੋਈ ਬਾਈ ਏਅਰਪੋਰਟ ‘ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ, ਖ਼ਾਸ ਕਰਕੇ ਪੱਛਮੀ ਬੰਗਾਲ ਤੋਂ ਆਉਣ ਵਾਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਯਾਤਰੀਆਂ ਦੇ ਸ਼ਰੀਰ ਦਾ ਤਾਪਮਾਨ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਸ਼ੱਕੀ ਮਾਮਲਿਆਂ ਨੂੰ ਸਮੇਂ ਸਿਰ ਅਲੱਗ ਕੀਤਾ ਜਾ ਸਕੇ।
ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਦੋ ਮਾਮਲਿਆਂ ਨਾਲ ਜੁੜੇ 196 ਸੰਪਰਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਸਾਰੇ ਟੈਸਟ ਨੈਗੇਟਿਵ ਆਏ ਹਨ।
ਨਿਪਾਹ ਵਾਇਰਸ ਇੱਕ ਦੁਲਭ ਪਰ ਬਹੁਤ ਹੀ ਖਤਰਨਾਕ ਸੰਕ੍ਰਮਣ ਹੈ, ਜੋ ਅਕਸਰ ਫਲ ਖਾਣ ਵਾਲੀਆਂ ਚਮਗਾਦੜਾਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ। ਇਹ ਬੁਖ਼ਾਰ ਅਤੇ ਦਿਮਾਗੀ ਸੁਜਣ (Encephalitis) ਪੈਦਾ ਕਰ ਸਕਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਦੇ ਅਨੁਸਾਰ ਇਸ ਦੀ ਮੌਤ ਦਰ 40% ਤੋਂ 75% ਤੱਕ ਹੋ ਸਕਦੀ ਹੈ ਅਤੇ ਇਸ ਵਾਇਰਸ ਲਈ ਅਜੇ ਤੱਕ ਕੋਈ ਟੀਕਾ ਉਪਲਬਧ ਨਹੀਂ।
WHO ਨੇ ਨਿਪਾਹ ਨੂੰ Priority Pathogen ਵਜੋਂ ਦਰਜ ਕੀਤਾ ਹੈ। ਦਸੰਬਰ 2025 ਤੱਕ ਦੁਨੀਆ ਭਰ ਵਿੱਚ ਨਿਪਾਹ ਦੇ 750 ਪੁਸ਼ਟੀਕ੍ਰਿਤ ਮਾਮਲੇ ਅਤੇ 415 ਮੌਤਾਂ ਦਰਜ ਕੀਤੀਆਂ ਗਈਆਂ ਹਨ।

