ਨਵੀਂ ਦਿੱਲੀ, 28 ਜਨਵਰੀ — ਅਮਰੀਕੀ ਡਾਲਰ ਵਿੱਚ ਕਮਜ਼ੋਰੀ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਸੁਤੰਤਰਤਾ ਨੂੰ ਲੈ ਕੇ ਚਿੰਤਾਵਾਂ ਦੇ ਚਲਦੇ ਬੁੱਧਵਾਰ ਨੂੰ ਸੋਨੇ ਦੀ ਕੀਮਤ ਪਹਿਲੀ ਵਾਰ $5,300 ਪ੍ਰਤੀ ਔਂਸ ਤੋਂ ਉੱਪਰ ਚਲੀ ਗਈ। ਨਿਵੇਸ਼ਕਾਂ ਵੱਲੋਂ ਸੁਰੱਖਿਅਤ ਨਿਵੇਸ਼ (Safe Haven) ਵਜੋਂ ਸੋਨੇ ਦੀ ਮੰਗ ਵਧੀ ਹੈ।
ਸਪਾਟ ਗੋਲਡ 1.3% ਦੀ ਛਾਲ ਨਾਲ $5,255.95 ਪ੍ਰਤੀ ਔਂਸ ‘ਤੇ ਪਹੁੰਚ ਗਿਆ, ਜਦਕਿ ਇਸ ਨੇ ਸੈਸ਼ਨ ਦੌਰਾਨ $5,311.31 ਦਾ ਨਵਾਂ ਰਿਕਾਰਡ ਬਣਾਇਆ। ਪਿਛਲੇ ਸੈਸ਼ਨ ਵਿੱਚ ਵੀ ਸੋਨੇ ਦੀ ਕੀਮਤ 3% ਤੋਂ ਵੱਧ ਵਧੀ ਸੀ।
ਅਮਰੀਕੀ ਗੋਲਡ ਫਿਊਚਰਜ਼ (ਫਰਵਰੀ ਡਿਲਿਵਰੀ) 3.3% ਚੜ੍ਹ ਕੇ $5,250 ਪ੍ਰਤੀ ਔਂਸ ‘ਤੇ ਟ੍ਰੇਡ ਕਰਦੇ ਵੇਖੇ ਗਏ।
ਮਾਰਕੀਟ ਵਿਸ਼ਲੇਸ਼ਕ ਲਿੰਹ ਟ੍ਰਾਨ (XS.com) ਨੇ ਕਿਹਾ ਕਿ ਸੋਨੇ ਦੀ ਚੜ੍ਹਤ ਸਿਰਫ਼ ਮਾਰਕੀਟ ਚਿੰਤਾ ਨਹੀਂ, ਸਗੋਂ ਗਲੋਬਲ ਮੋਨਿਟਰੀ ਅਤੇ ਫਿਸਕਲ ਪ੍ਰਣਾਲੀ ‘ਤੇ ਭਰੋਸੇ ਵਿੱਚ ਆ ਰਹੇ ਬਦਲਾਅ ਦਾ ਨਤੀਜਾ ਹੈ।
ਇਸੇ ਦੌਰਾਨ ਅਮਰੀਕੀ ਡਾਲਰ ਚਾਰ ਸਾਲਾਂ ਦੇ ਨੀਵੇਂ ਪੱਧਰ ਦੇ ਨੇੜੇ ਬਣਿਆ ਹੋਇਆ ਹੈ, ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਡਾਲਰ ਵਿੱਚ ਮੁੱਲਾਂਕਿਤ ਸੋਨਾ ਹੋਰ ਆਕਰਸ਼ਕ ਬਣ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਉਹ ਜਲਦ ਹੀ ਫੈਡ ਦੇ ਨਵੇਂ ਚੇਅਰਮੈਨ ਦਾ ਐਲਾਨ ਕਰਨਗੇ ਅਤੇ ਉਮੀਦ ਜਤਾਈ ਕਿ ਨਵੀਂ ਅਗਵਾਈ ਹੇਠ ਵਿਆਜ ਦਰਾਂ ਘਟ ਸਕਦੀਆਂ ਹਨ।
ਵਿਸ਼ਲੇਸ਼ਕਾਂ ਮੁਤਾਬਕ, ਘੱਟ ਵਿਆਜ ਦਰਾਂ ਦੇ ਮਾਹੌਲ ਵਿੱਚ ਸੋਨਾ ਅਕਸਰ ਵਧੀਆ ਪ੍ਰਦਰਸ਼ਨ ਕਰਦਾ ਹੈ ਕਿਉਂਕਿ ਇਹ ਕੋਈ ਵਿਆਜ ਨਹੀਂ ਦਿੰਦਾ। ਫੈਡ ਤੋਂ ਉਮੀਦ ਹੈ ਕਿ ਜਨਵਰੀ ਦੀ ਮੀਟਿੰਗ ਵਿੱਚ ਵਿਆਜ ਦਰਾਂ ਨੂੰ ਸਥਿਰ ਰੱਖਿਆ ਜਾਵੇਗਾ।
ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ 20% ਤੋਂ ਵੱਧ ਵਧ ਚੁੱਕੀ ਹੈ। ਡੌਇਚ ਬੈਂਕ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਜ਼ਬੂਤ ਨਿਵੇਸ਼ ਮੰਗ ਕਾਰਨ ਇਸ ਸਾਲ ਸੋਨਾ $6,000 ਪ੍ਰਤੀ ਔਂਸ ਤੱਕ ਵੀ ਪਹੁੰਚ ਸਕਦਾ ਹੈ।
ਚੀਨ ਦੇ ਸ਼ੰਘਾਈ ਅਤੇ ਹਾਂਗਕਾਂਗ ਵਿੱਚ ਉੱਚ ਕੀਮਤਾਂ ਦੇ ਬਾਵਜੂਦ ਰਿਟੇਲ ਮੰਗ ਮਜ਼ਬੂਤ ਬਣੀ ਹੋਈ ਹੈ। ਹਾਲਾਂਕਿ ਗਹਿਣਿਆਂ ਦੀ ਮੰਗ ‘ਤੇ ਕੀਮਤਾਂ ਦਾ ਦਬਾਅ ਪੈ ਸਕਦਾ ਹੈ, ਪਰ ਛੋਟੇ ਨਿਵੇਸ਼ਕਾਂ ਵੱਲੋਂ ਸਪੈਕੂਲੇਟਿਵ ਇਨਵੈਸਟਮੈਂਟ ਜਾਰੀ ਹੈ।
ਦੂਜੇ ਪਾਸੇ, ਚਾਂਦੀ ਦੀ ਕੀਮਤ 1.1% ਘਟ ਕੇ $111.74 ਪ੍ਰਤੀ ਔਂਸ ਰਹੀ, ਹਾਲਾਂਕਿ ਇਸ ਸਾਲ ਹੁਣ ਤੱਕ ਇਹ ਲਗਭਗ 60% ਵਧ ਚੁੱਕੀ ਹੈ। ਪਲੈਟਿਨਮ ਅਤੇ ਪੈਲੇਡੀਅਮ ਵਿੱਚ ਮਿਲੀ-ਝੁਲੀ ਚਾਲ ਵੇਖਣ ਨੂੰ ਮਿਲੀ।

