ਮੋਹਾਲੀ – ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ ਅਤੇ ਫੇਫੜਿਆਂ ਦੇ ਕੈਂਸਰ ਨਾਲ ਪੀੜਤ ਸਨ। ਕੈਂਸਰ ਦੇ ਸਰੀਰ ਵਿੱਚ ਪੂਰੀ ਤਰ੍ਹਾਂ ਫੈਲ ਜਾਣ ਕਾਰਨ ਸੋਮਵਾਰ ਨੂੰ ਉਨ੍ਹਾਂ ਨੇ ਅਖੀਰੀ ਸਾਹ ਲਿਆ।
ਗੁਰਪੰਥ ਮਾਨ, ਜੋ ਕਿ ਗਿੱਦੜਬਾਹਾ ਵਿੱਚ ਪੇਸ਼ੇ ਵਜੋਂ ਆੜ੍ਹਤੀ ਸਨ, ਦਾ ਅੰਤਿਮ ਸਸਕਾਰ ਚੰਡੀਗੜ੍ਹ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਵਿਦਾਈ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮਸ਼ਹੂਰ ਹਸਤੀਆਂ ਹਾਜ਼ਰ ਹੋਏ ਅਤੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕੀਤਾ।
ਗੁਰਪੰਥ ਮਾਨ ਦੇ ਪੁੱਤਰ ਜਿੰਮੀ ਵੀ ਵਿਦੇਸ਼ (ਕੈਨੇਡਾ) ਤੋਂ ਪਹੁੰਚ ਗਏ ਸਨ ਤਾਂ ਜੋ ਆਪਣੇ ਪਿਤਾ ਨੂੰ ਅਖੀਰੀ ਵਿਦਾਈ ਦੇ ਸਕਣ।
ਇਸ ਦੁੱਖਦਾਈ ਮੌਕੇ ‘ਤੇ ਕਈ ਜਾਣੇ ਮਾਣੇ ਚਿਹਰੇ ਹਾਜ਼ਰ ਰਹੇ, ਜਿਨ੍ਹਾਂ ਵਿੱਚ ਰਾਜਾ ਵੜਿੰਗ (ਪੰਜਾਬ ਕਾਂਗਰਸ ਪ੍ਰਧਾਨ), ਸਾਬਕਾ ਐਸਐਸਪੀ ਮਨਜੀਤ ਸਿੰਘ ਢੇਸੀ, ਸੰਗੀਤਕਾਰ ਸਚਿਨ ਅਹੂਜਾ, ਸ਼ਮਸ਼ੇਰ ਸੰਧੂ, ਗਾਇਕ ਹਰਦੀਪ ਸਿੰਘ, ਗੁਰਕਿਰਪਾਲ ਸੂਰਾਪੁਰੀ, ਜੈਲੀ, ਬਿਲ ਸਿੰਘ, ਅਮਰ ਨੂਰੀ, ਦਰਸ਼ਨ ਔਲਖ, ਭੁਪਿੰਦਰ ਬੱਬਲ, ਅਮਰਜੀਤ ਸਿੰਘ ਨਾਰਾਇਣ ਆਦਿ ਸ਼ਾਮਿਲ ਸਨ।
ਗੁਰਪੰਥ ਸਿੰਘ ਮਾਨ ਦੀ ਅੰਤਿਮ ਅਰਦਾਸ 12 ਜੂਨ, ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਹਿਬ ਸੈਕਟਰ 34, ਚੰਡੀਗੜ੍ਹ ਵਿਖੇ ਹੋਵੇਗੀ।
