ਮਾਛੀਵਾੜਾ ਪੁਲਸ ਨੇ ਨਸ਼ਾ ਤਸਕਰ ਜਸਦੇਵ ਸਿੰਘ ਉਰਫ਼ ਜੱਸਾ ਨੂੰ ਕਾਬੂ ਕਰਕੇ 21 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ। ਮੁਲਜ਼ਮ ਉੱਤੇ ਪਹਿਲਾਂ ਵੀ 8 ਮਾਮਲੇ ਦਰਜ ਹਨ ਅਤੇ ਜਾਇਦਾਦ ਅਟੈਚ ਕਰਨ ਦੀ ਪ੍ਰਕਿਰਿਆ ਸ਼ੁਰੂ।
ਮਾਛੀਵਾੜਾ: ਪੁਲਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਨਸ਼ੇ ਦੀ ਸਪਲਾਈ ਕਰਨ ਵਾਲੇ ਬਦਨਾਮ ਨਸ਼ਾ ਤਸਕਰ ਜਸਦੇਵ ਸਿੰਘ ਉਰਫ਼ ਜੱਸਾ ਵਾਸੀ ਮਾਛੀਵਾੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਫ਼ੀ ਸਮੇਂ ਤੋਂ ਮਾਛੀਵਾੜਾ ਇਲਾਕੇ ’ਚ ਨਸ਼ਾ ਸਪਲਾਈ ਕਰ ਰਿਹਾ ਸੀ।
ਥਾਣਾ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜਗਤਾਰ ਸਿੰਘ ਅਤੇ ਪੁਲਸ ਪਾਰਟੀ ਨੇ ਜਸਦੇਵ ਸਿੰਘ ਨੂੰ ਚੌਰਸਤਾ ਰਤੀਪੁਰ ਰੋਡ ਮਾਛੀਵਾੜਾ ਸਾਹਿਬ ਵਿਖੇ ਕਾਬੂ ਕੀਤਾ। ਗ੍ਰਿਫ਼ਤਾਰੀ ਦੌਰਾਨ ਉਸ ਨੇ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ।
ਪੁਲਸ ਤਲਾਸ਼ੀ ਦੌਰਾਨ ਉਸ ਕੋਲੋਂ 21 ਗ੍ਰਾਮ ਹੈਰੋਇਨ ਅਤੇ 4100 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲਸ ਨੇ ਖੁਲਾਸਾ ਕੀਤਾ ਕਿ ਇਸ ਤੋਂ ਹੋਰ ਨਸ਼ਾ ਸਪਲਾਇਰਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਨਸ਼ਾ ਸਪਲਾਈ ਕਰਦਾ ਸੀ, ਉਨ੍ਹਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਆਦੀ ਸ਼ਖ਼ਸਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਿਆ ਜਾਵੇਗਾ ਅਤੇ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ।
🔎 ਮੁਲਜ਼ਮ ਉੱਤੇ ਦਰਜ ਪੁਰਾਣੇ ਮਾਮਲੇ
- 2015: 12 ਕਿੱਲੋ ਭੁੱਕੀ
- 2017: 250 ਗ੍ਰਾਮ ਅਫ਼ੀਮ ਅਤੇ 8 ਕਿੱਲੋ ਭੁੱਕੀ
- 2017: 315 ਬੋਰ ਪਿਸਤੌਲ ਤੇ 2 ਕਾਰਤੂਸ
- 2021: 2 ਅਪਰਾਧਿਕ ਮਾਮਲੇ
- 2022: 4 ਕੁਇੰਟਲ ਭੁੱਕੀ
- 2023: ਲੁਧਿਆਣਾ ਡਵੀਜ਼ਨ ਨੰਬਰ 7 ’ਚ ਅਪਰਾਧਿਕ ਮਾਮਲਾ
- 2025: ਨਸ਼ਾ ਮਾਮਲਾ ਦਰਜ
- ਹੁਣ 2 ਨਵੇਂ ਮਾਮਲੇ ਹੋਰ ਦਰਜ
ਡੀ.ਐੱਸ.ਪੀ. ਨੇ ਦੱਸਿਆ ਕਿ ਜਸਦੇਵ ਸਿੰਘ 2015 ਤੋਂ ਨਸ਼ਾ ਤਸਕਰੀ ਵਿਚ ਸਰਗਰਮ ਹੈ ਅਤੇ ਹੁਣ ਤੱਕ ਜੋ ਜਾਇਦਾਦ ਉਸ ਨੇ ਆਪਣੇ ਜਾਂ ਪਰਿਵਾਰ ਦੇ ਨਾਮ ’ਤੇ ਬਣਾਈ ਹੈ, ਉਸ ਨੂੰ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ।
ਐੱਸ.ਐੱਸ.ਪੀ. ਡਾ. ਜੋਤੀ ਯਾਦਵ ਵਲੋਂ ਸਪਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।

