ਕਰਾਚੀ, 2 ਫਰਵਰੀ — ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਕ੍ਰਿਕਟ ਟੀਮ 15 ਫਰਵਰੀ 2026 ਨੂੰ ਕੋਲੰਬੋ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲਾ T20 ਵਰਲਡ ਕੱਪ ਗਰੁੱਪ ਮੈਚ ਨਹੀਂ ਖੇਡੇਗੀ। ਹਾਲਾਂਕਿ ਸਰਕਾਰ ਨੇ ਟੀਮ ਨੂੰ ICC T20 ਵਰਲਡ ਕੱਪ 2026 ਵਿੱਚ ਭਾਗ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਪਾਕਿਸਤਾਨ ਸਰਕਾਰ ਨੇ ਆਪਣੇ ਅਧਿਕਾਰਕ X (ਟਵਿੱਟਰ) ਖਾਤੇ ‘ਤੇ ਕਿਹਾ ਕਿ ਟੀਮ ਟੂਰਨਾਮੈਂਟ ਵਿੱਚ ਸ਼ਾਮਲ ਹੋਵੇਗੀ, ਪਰ ਭਾਰਤ ਖ਼ਿਲਾਫ਼ ਨਿਧਾਰਤ ਮੈਚ ਵਿੱਚ ਮੈਦਾਨ ‘ਚ ਨਹੀਂ ਉਤਰੇਗੀ। ਇਸ ਫੈਸਲੇ ਦੇ ਪਿੱਛੇ ਕਾਰਨ ਨਹੀਂ ਦੱਸੇ ਗਏ।
ਜੇ ਪਾਕਿਸਤਾਨ ਭਾਰਤ ਖ਼ਿਲਾਫ਼ ਮੈਚ ਦਾ ਬਹਿਸਕਾਰ ਕਰਦਾ ਹੈ, ਤਾਂ ਉਸਨੂੰ ਦੋ ਅੰਕਾਂ ਦਾ ਨੁਕਸਾਨ ਹੋਵੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜੇ ਦੋਵੇਂ ਟੀਮਾਂ ਨਾਕਆਊਟ ਮੈਚ ਵਿੱਚ ਟਕਰਾਉਂਦੀਆਂ ਹਨ, ਤਾਂ ਕੀ ਹੋਵੇਗਾ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ-ਪੱਖੀ ਕ੍ਰਿਕਟ ਕਾਫੀ ਸਮੇਂ ਤੋਂ ਬੰਦ ਹੈ। ਪਿਛਲੇ ਸਾਲ ਦੋਹਾਂ ਦੇਸ਼ਾਂ ਵਿਚਕਾਰ ਹੋਈ ਫੌਜੀ ਤਣਾਅਪੂਰਨ ਸਥਿਤੀ ਤੋਂ ਬਾਅਦ ਸਿਆਸੀ ਸੰਬੰਧ ਹੋਰ ਖ਼ਰਾਬ ਹੋ ਗਏ ਸਨ। ਇਸ ਕਾਰਨ ICC ਨੇ ਪਹਿਲਾਂ ਹੀ ਇਕ ਪ੍ਰਬੰਧ ਕੀਤਾ ਸੀ ਕਿ ਦੋਵੇਂ ਟੀਮਾਂ ਨਿਊਟਰਲ ਵੇਨਿਊ ‘ਤੇ ਖੇਡਣ।
ਪਾਕਿਸਤਾਨ ਦਾ ਇਹ ਫੈਸਲਾ ਟੂਰਨਾਮੈਂਟ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਭਾਰਤ-ਪਾਕਿਸਤਾਨ ਮੈਚ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਟਕਰ ਮੰਨੀ ਜਾਂਦੀ ਹੈ। ਇਸੇ ਕਾਰਨ ICC ਇਵੈਂਟਸ ਵਿੱਚ ਦੋਵੇਂ ਟੀਮਾਂ ਨੂੰ ਅਕਸਰ ਇੱਕੋ ਗਰੁੱਪ ਵਿੱਚ ਰੱਖਿਆ ਜਾਂਦਾ ਹੈ।
ICC ਨੇ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਬੋਰਡ (PCB) ਵੱਲੋਂ ਸਰਕਾਰੀ ਪੱਤਰਚਾਰ ਦੀ ਉਡੀਕ ਕਰ ਰਿਹਾ ਹੈ।
ICC ਨੇ ਬਿਆਨ ਵਿੱਚ ਕਿਹਾ,
“ਹਾਲਾਂਕਿ ਅਸੀਂ ਸਰਕਾਰਾਂ ਦੀ ਭੂਮਿਕਾ ਦਾ ਸਨਮਾਨ ਕਰਦੇ ਹਾਂ, ਪਰ ਇਹ ਫੈਸਲਾ ਗਲੋਬਲ ਕ੍ਰਿਕਟ ਅਤੇ ਪ੍ਰਸ਼ੰਸਕਾਂ ਦੇ ਹਿੱਤ ਵਿੱਚ ਨਹੀਂ ਹੈ।”
ICC ਨੇ ਉਮੀਦ ਜਤਾਈ ਕਿ PCB ਇਸ ਫੈਸਲੇ ਦੇ ਲੰਬੇ ਸਮੇਂ ਦੇ ਪ੍ਰਭਾਵਾਂ ‘ਤੇ ਮੁੜ ਵਿਚਾਰ ਕਰੇਗਾ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਜਨੀਤਿਕ ਤਣਾਅ ਨੇ ਟੂਰਨਾਮੈਂਟ ਨੂੰ ਪ੍ਰਭਾਵਿਤ ਕੀਤਾ ਹੋਵੇ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਸੁਰੱਖਿਆ ਚਿੰਤਾਵਾਂ ਦੇ ਚਲਦੇ ਭਾਰਤ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕੀਤਾ ਗਿਆ।
ਪਾਕਿਸਤਾਨ ਦੇ ਗਰੁੱਪ A ਵਿੱਚ ਨਮੀਬੀਆ, ਅਮਰੀਕਾ ਅਤੇ ਨੀਦਰਲੈਂਡ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਦੋ ਟੀਮਾਂ ਸੁਪਰ 8 ਵਿੱਚ ਪਹੁੰਚਣਗੀਆਂ।

