ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨਾਲ ਵਪਾਰਕ ਸਮਝੌਤਾ ਹੋ ਸਕਦਾ ਹੈ, ਜਦਕਿ ਜਪਾਨ ਨਾਲ ਡੀਲ ਨੂੰ ਲੈ ਕੇ ਉਨ੍ਹਾਂ ਨੇ ਸ਼ੱਕ ਜਤਾਇਆ। ਟਰੰਪ ਨੇ 9 ਜੁਲਾਈ ਤੋਂ ਪਹਿਲਾਂ ਵਧੇਰੇ ਟੈਕਸ ਲਾਗੂ ਕਰਨ ਦੀ ਚੇਤਾਵਨੀ ਵੀ ਦਿੱਤੀ।
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨਾਲ ਇਕ ਵਪਾਰਕ ਸਮਝੌਤਾ ਸੰਭਵ ਹੈ ਜੋ ਕਿ ਅਮਰੀਕੀ ਕੰਪਨੀਆਂ ਲਈ ਦੱਖਣੀ ਏਸ਼ੀਆਈ ਬਾਜ਼ਾਰ ਵਿੱਚ ਕੰਪਟੀਸ਼ਨ ਕਰਨਾ ਆਸਾਨ ਬਣਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਆਪਣੀਆਂ ਵਪਾਰਕ ਰੁਕਾਵਟਾਂ ਹਟਾਉਣ ਲਈ ਤਿਆਰ ਦਿਸ ਰਿਹਾ ਹੈ।
ਟਰੰਪ ਨੇ “ਐਅਰ ਫੋਰਸ ਵਨ” ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ:
“ਇਸ ਵੇਲੇ ਭਾਰਤ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੰਦਾ। ਪਰ ਮੈਨੂੰ ਲੱਗਦਾ ਹੈ ਕਿ ਹੁਣ ਭਾਰਤ ਤਿਆਰ ਹੈ। ਜੇ ਉਹ ਰੁਕਾਵਟਾਂ ਘਟਾਉਂਦੇ ਹਨ, ਤਾਂ ਸਾਨੂੰ ਘੱਟ ਟੈਕਸਾਂ ‘ਤੇ ਡੀਲ ਮਿਲ ਸਕਦੀ ਹੈ।”
ਉਹਨਾਂ ਇਹ ਵੀ ਦੱਸਿਆ ਕਿ ਭਾਰਤ 9 ਜੁਲਾਈ ਤੋਂ ਪਹਿਲਾਂ ਇਹ ਸਹਿਮਤੀ ਕਰ ਲਏ ਤਾਂ 26% ਦੀ ਟੈਰੀਫ਼ ਤੋਂ ਬਚ ਸਕੇਗਾ, ਜੋ ਕਿ ਪਹਿਲਾਂ ਐਲਾਨ ਹੋਈ ਸੀ ਪਰ ਹੁਣ ਤਕ ਮੁਅੱਤਲ ਕੀਤੀ ਗਈ ਹੈ।
ਭਾਰਤ ਨੇ ਵਾਸ਼ਿੰਗਟਨ ਦੌਰਾ ਲੰਬਾ ਕੀਤਾ
ਭਾਰਤੀ ਸਰਕਾਰੀ ਸੂਤਰਾਂ ਅਨੁਸਾਰ, ਭਾਰਤੀ ਅਧਿਕਾਰੀਆਂ ਨੇ ਟਰੰਪ ਸਰਕਾਰ ਨਾਲ ਸਮਝੌਤੇ ਦੀ ਕੋਸ਼ਿਸ਼ ਲਈ ਆਪਣਾ ਅਮਰੀਕੀ ਦੌਰਾ ਸੋਮਵਾਰ ਤੱਕ ਵਧਾ ਦਿੱਤਾ ਹੈ। ਦੋਵੇਂ ਧਿਰਾਂ ਵਿਚਕਾਰ ਆਟੋ ਪਾਰਟਸ, ਸਟੀਲ ਅਤੇ ਖੇਤੀ ਉਤਪਾਦਾਂ ‘ਤੇ ਇੰਪੋਰਟ ਡਿਊਟੀ ਨੂੰ ਲੈ ਕੇ ਠੋਸ ਅੰਤਰ ਹਨ।
ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਨਿਊਯਾਰਕ ਵਿਚ ਇਕ ਸਮਾਗਮ ਦੌਰਾਨ ਕਿਹਾ:
“ਅਸੀਂ ਬਹੁਤ ਹੀ ਨਾਜੁਕ ਵਪਾਰਕ ਗੱਲਬਾਤ ਵਿਚ ਹਾਂ। ਉਮੀਦ ਹੈ ਕਿ ਅਸੀਂ ਸਫਲ ਨਤੀਜੇ ਤੱਕ ਪਹੁੰਚਾਂਗੇ, ਪਰ ਇਹ ਇਕ ਪੱਖੀ ਫੈਸਲਾ ਨਹੀਂ, ਦੋਹਾਂ ਧਿਰਾਂ ਨੂੰ ਗਿਵ ਐਂਡ ਟੇਕ ਕਰਨਾ ਪਵੇਗਾ।”
ਜਪਾਨ ਲਈ ਵਧੇਰੇ ਟੈਕਸ ਦੀ ਚੇਤਾਵਨੀ
ਇਕ ਪਾਸੇ ਜਿੱਥੇ ਟਰੰਪ ਭਾਰਤ ਨਾਲ ਡੀਲ ‘ਤੇ ਆਸਾਵਾਦੀ ਹਨ, ਉਥੇ ਜਪਾਨ ਨਾਲ ਡੀਲ ਉੱਤੇ ਉਨ੍ਹਾਂ ਨੇ ਸੰਦੇਹ ਜਤਾਇਆ। ਉਨ੍ਹਾਂ ਆਰੋਪ ਲਾਇਆ ਕਿ ਜਪਾਨ ਅਮਰੀਕੀ ਚੌਲ ਨਹੀਂ ਖਰੀਦ ਰਿਹਾ, ਪਰ ਅਮਰੀਕਾ ਵਿਚ ਲੱਖਾਂ ਕਾਰਾਂ ਵੇਚ ਰਿਹਾ ਹੈ।
ਟਰੰਪ ਨੇ ਕਿਹਾ:
“ਜੇ ਜਪਾਨ ਸਾਡੇ ਮਤਲਬ ਦੀ ਗੱਲ ਨਹੀਂ ਕਰਦਾ, ਤਾਂ ਅਸੀਂ ਉਨ੍ਹਾਂ ਉੱਤੇ 30% ਜਾਂ 35% ਟੈਕਸ ਲਗਾ ਸਕਦੇ ਹਾਂ।”
ਉਸੇ ਦੌਰਾਨ ਖਜਾਨਾ ਮੰਤਰੀ ਸਕੌਟ ਬੈਸੈਂਟ ਨੇ ਵੀ ਕਿਹਾ ਕਿ ਭਾਰਤ ਨਾਲ ਡੀਲ ਬਹੁਤ ਨੇੜੇ ਹੈ ਅਤੇ ਜਪਾਨ ਨਾਲ ਮੁਸ਼ਕਲ ਹੈ।
9 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ ਟੈਰੀਫ਼ ਪੌਜ਼
9 ਜੁਲਾਈ ਤੱਕ ਅਮਰੀਕਾ ਵੱਲੋਂ 90 ਦਿਨਾਂ ਲਈ ਲਾਏ ਗਏ ਟੈਰੀਫ਼ ਰੋਕਣ ਦਾ ਸਮਾਂ ਖ਼ਤਮ ਹੋ ਰਿਹਾ ਹੈ। ਜੇਕਰ ਸਮਝੌਤਾ ਨਾ ਹੋਇਆ, ਤਾਂ ਭਾਰਤ ਲਈ ਟੈਕਸ ਦਰ 10% ਤੋਂ ਵਧ ਕੇ 27% ਹੋ ਸਕਦੀ ਹੈ।
ਹਾਲੇ ਤੱਕ ਸਿਰਫ਼ ਬ੍ਰਿਟੇਨ ਨੇ ਹੀ ਅਮਰੀਕਾ ਨਾਲ ਸੀਮਿਤ ਟਰੇਡ ਡੀਲ ਕੀਤੀ ਹੈ, ਜਿਸ ‘ਚ ਉਸਨੇ ਕੁਝ ਵਿਸ਼ੇਸ਼ ਉਤਪਾਦਾਂ ਲਈ ਪਹੁੰਚ ਲੈਣ ਦੇ ਬਦਲੇ 10% ਟੈਕਸ ਸਵੀਕਾਰਿਆ।

